Wednesday, August 25, 2021

ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ

25th August 2021 at 6:03 PM

 ਮੁੱਖ ਮੰਤਰੀ ਪੰਜਾਬ 27 ਅਗਸਤ ਨੂੰ ਰੱਖਣਗੇ ਨੀਂਹ ਪੱਥਰ 

*ਯੂਨੀਵਰਸਿਟੀ ਮੌਜੂਦਾ ਵਿਦਿਅਕ ਸੈਸ਼ਨ 2021-22 ਤੋਂ ਐਲ.ਐਲ.ਬੀ. (ਟੀ.ਵਾਈ.ਸੀ.), ਬੀ.ਏ. ਐਲ.ਐਲ.ਬੀ. (ਐਫ.ਵਾਈ.ਆਈ.ਸੀ), ਬੀ.ਬੀ.ਏ. ਐਲ.ਐਲ.ਬੀ. (ਪੀ.ਆਈ.ਸੀ.), ਅਤੇ ਬੀ.ਕਾਮ ਐਲ.ਐਲ.ਬੀ. (ਐਫ.ਵਾਈ.ਆਈ.ਸੀ.) ਕਲਾਸਾਂ ਕਰੇਗੀ ਸ਼ੁਰੂ

ਚੰਡੀਗੜ੍ਹ: 25 ਅਗਸਤ 2021: (ਐਜੂਕੇਸ਼ਨ ਸਕਰੀਨ ਬਿਊਰੋ)::

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਨੂੰਨੀ ਸਿੱਖਿਆ ਦੇ ਵਿਕਾਸ ਤੇ ਪ੍ਰਗਤੀ ਲਈ ਅਤੇ ਇਸ ਖੇਤਰ ਵਿੱਚ ਵਿਸ਼ੇਸ਼ ਅਤੇ ਯੋਜਨਾਬੱਧ ਨਿਰਦੇਸ਼ਾਂ, ਸਿਖਲਾਈ ਅਤੇ ਖੋਜ ਪ੍ਰਦਾਨ ਕਰਨ ਦੇ ਉਦੇਸ਼ਾਂ ਦੀ ਪੂਰਤੀ ਦੇ ਨਾਲ ਨਾਲ ਇਸ ਨਾਲ ਸੰਬੰਧਤ ਮਾਮਲਿਆਂ ਲਈ ਇੱਕ ਸਟੇਟ ਯੂਨੀਵਰਸਿਟੀ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਗਿਆ ਹੈ।ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਵੱਲੋਂ 27 ਅਗਸਤ 2021 ਨੂੰ ਰੱਖਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦਾ ਉਦੇਸ਼ ਭਾਸ਼ਣਾਂ, ਸੈਮੀਨਾਰਾਂ, ਸੰਮੇਲਨਾਂ, ਵੈਬੀਨਾਰਾਂ, ਵਰਕਸ਼ਾਪਾਂ ਅਤੇ ਕਾਨਫਰੰਸਾਂ ਦਾ ਆਯੋਜਨ ਕਰਕੇ ਕਾਨੂੰਨੀ ਗਿਆਨ ਅਤੇ ਕਾਨੂੰਨੀ ਪ੍ਰਕਿਰਿਆਵਾਂ ਅਤੇ ਰਾਸ਼ਟਰੀ ਵਿਕਾਸ ਵਿੱਚ ਇਹਨਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਤੋਂ ਇਲਾਵਾ ਇਸ ਦਾ ਉਦੇਸ਼ ਲੋਕਾਂ ਦੇ ਹਿੱਤਾਂ ਲਈ, ਜਨਤਕ ਚਿੰਤਾ ਦੇ ਵਰਤਮਾਨ ਮੁੱਦਿਆਂ ਅਤੇ ਉਨ੍ਹਾਂ ਦੇ ਕਾਨੂੰਨੀ ਪ੍ਰਭਾਵਾਂ ਦੇ ਵਿਸ਼ਲੇਸ਼ਣ ਅਤੇ ਪੇਸ਼ ਕਰਨ ਦੇ ਨਜ਼ਰੀਏ ਵਿੱਚ ਸੁਧਾਰ ਕਰਨਾ ਅਤੇ ਯੂਨੀਵਰਸਿਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਜ਼ਰੂਰੀ ਅਤੇ ਅਨੁਕੂਲ ਸਾਰੇ ਕਾਰਜ ਕਰਨਾ ਹੈ। 

ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਬਾਰ ਕੌਂਸਲ ਆਫ਼ ਇੰਡੀਆ ਤੋਂ ਲੋੜੀਂਦੀ ਮਨਜ਼ੂਰੀ ਪ੍ਰਾਪਤ ਕਰ ਲਈ ਗਈ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦੀ ਸਥਾਪਨਾ ਲਈ ਐਕਟ 2-ਐਫ ਅਧੀਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੀ ਪ੍ਰਵਾਨਗੀ ਵੀ ਲੈ ਲਈ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਬਜਟ ਲਈ 5 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਜਿਹਨਾਂ ਵਿੱਚੋਂ ਵਿੱਤੀ ਸਾਲ 2020-21 ਵਿੱਚ ਯੂਨੀਵਰਸਿਟੀ ਨੂੰ 159.10 ਲੱਖ ਰੁਪਏ ਜਾਰੀ ਕੀਤੇ ਗਏ ਹਨ ਅਤੇ ਵਿੱਤੀ ਸਾਲ 2021-22 ਲਈ 7 ਕਰੋੜ ਰੁਪਏ ਅਲਾਟ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਮਾਰਤ ਦੇ ਨਵੀਨੀਕਰਨ ਲਈ 135.15 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ ਅਤੇ ਨਵੀਨੀਕਰਨ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀ ਦੇ ਆਰਕੀਟੈਕਚਰਲ ਡਿਜ਼ਾਈਨ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਪ੍ਰਾਜੈਕਟ ਦਾ ਕੰਮ ਨਿਰਧਾਰਤ ਸਮੇਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਕੈਂਪਸ ਵਿੱਚ ਇੱਕ ਅਕਾਦਮਿਕ ਜ਼ੋਨ, ਪ੍ਰਬੰਧਕੀ ਕੰਪਲੈਕਸ, ਰਿਹਾਇਸ਼ੀ ਜ਼ੋਨ (ਰਿਹਾਇਸ਼ ਅਤੇ ਹੋਸਟਲ), ਖੇਡਾਂ ਅਤੇ ਮਨੋਰੰਜਨ ਸਹੂਲਤਾਂ ਸ਼ਾਮਲ ਹੋਣਗੀਆਂ।

ਉਹਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲਾਅ ਕੋਰਸਾਂ ਲਈ ਸੂਬਾ ਪੱਧਰ 'ਤੇ ਕੇਂਦਰੀਕ੍ਰਿਤ ਦਾਖ਼ਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਅਲਾਟ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਲਈ ਦਾਖਲਾ ਪ੍ਰਕਿਰਿਆ ਅਧੀਨ ਹੈ।

No comments:

Post a Comment

ਮਰਹੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਉਪਰਾਲਾ

Received on Sunday 19th October 2025 at 14:18 WhatsApp Regarding Union Meeting ਦੀਵਾਲ਼ੀ ਦੇ ਤਿਓਹਾਰ ਮੌਕੇ  ਮਿਠਾਈ ਵੰਡੀ ਭੀਖੀ : 19 ਅਕਤੂਬਰ 2025 : ( ਹ...