Thursday 8th August 2024 at 2:55 PM
ਲਗਨ ਤੇ ਜਨੂਨ ਨਾਲ ਮਿਹਨਤ ਕਰਨ ਵਾਲਿਆਂ ਦੀ ਕਾਇਨਾਤ ਵੀ ਕਰਦੀ ਹੈ ਮਦਦ-ਮਨਜੀਤ ਸਿੰਘ
ਖਰੜ (ਮੋਹਾਲੀ): 8 ਅਗਸਤ 2024: (ਐਜੂਕੇਸ਼ਨ ਸਕਰੀਨ ਬਿਊਰੋ)::
ਦੋਆਬਾ ਗਰੁੱਪ ਆਫ ਕਾਲਜਿਜ਼ ਵਿਖੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਨਵੇਂ ਆਏ ਵਿਦਿਆਰਥੀਆਂ ਦੇ ਲਈ ਗਰੁੱਪ ਵੱਲੋਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਨਵੇਂ ਆਏ ਵਿਦਿਆਰਥੀਆਂ ਨੂੰ ਦੁਆਬਾ ਗਰੁੱਪ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣਾ , ਗਰੁੱਪ ਦੇ ਅੰਦਰੂਨੀ ਢਾਂਚੇ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਨੂੰ ਨਵੇਂ ਮਾਹੌਲ ਦੇ ਵਿੱਚ ਢਾਲਣਾ ਸੀ । ਪ੍ਰੋਗਰਾਮ ਦੀ ਸ਼ੁਰੂਆਤ ਕੈਂਪਸ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਅਤੇ ਉਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਦੁਆਬਾ ਗਰੁੱਪ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਕੀਤੀ ਗਈ । ਇਸ ਉਪਰੰਤ ਸਾਂਝੇ ਰੂਪ ਵਿੱਚ ਦੁਆਬਾ ਖਾਲਸਾ ਟਰੱਸਟ ਦੇ ਪ੍ਰਧਾਨ ਐੱਚ ਐੱਸ ਬਾਠ , ਮੈਨੇਜਿੰਗ ਵਾਈਸ ਚੇਅਰਮੈਨ ਐੱਸ ਐੱਸ ਸੰਘਾ, ਮੈਂਬਰਸ ਆਫ ਮੈਨੇਜਮੈਂਟ ਵਿਚੋਂ ਸ਼੍ਰੀ ਕੇ ਐੱਸ ਬਾਠ ,ਮੈਡਮ ਰਮਨਜੀਤ ਕੌਰ ਬਾਠ ਅਤੇ ਗਰੁੱਪ ਦੇ ਐਗਜੀਕਿਊਟਿਵ ਵਾਈਸ ਚੇਅਰਮੈਨ ਸਰਦਾਰ ਮਨਜੀਤ ਸਿੰਘ ਵੱਲੋਂ ਸ਼ਮਾ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ।
ਉਪਰੰਤ ਦੁਆਬਾ ਖਾਲਸਾ ਟਰੱਸਟ ਦੇ ਪ੍ਰਧਾਨ ਡਾ.ਐਚ.ਐਸ.ਬਾਠ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਿਯਮਤ ਪੜ੍ਹਾਈ ਦੇ ਨਾਲ-ਨਾਲ ਟੀਚਿਆਂ ਤੱਕ ਪਹੁੰਚਣ ਲਈ ਸਕਾਰਾਤਮਕ ਰਵੱਈਏ ਅਤੇ ਜੋਸ਼ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਧਰਤੀ ਮਾਂ ਨੂੰ ਬਚਾਉਣ ਦੀ ਅਪੀਲ ਕੀਤੀ।
ਉਪਰੰਤ ਵੱਖ-ਵੱਖ ਕਾਲਜਾਂ ਦੇ ਡਾਇਰੈਕਟਰ ਪ੍ਰਿੰਸੀਪਲ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕੋਰਸਾਂ ਤੇ ਪਾਠਕ੍ਰਮ ਬਾਰੇ ਜਾਣੂ ਕਰਵਾਇਆ ਗਿਆ। ਗਰੁੱਪ ਦੇ ਪਿਛਲੇ ਸਮੈਸਟਰਾਂ ਵਿੱਚ ਪਹਿਲੇ ਦੂਜੇ ਤੇ ਤੀਜੇ ਦਰਜੇ ਦੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇੱਥੇ ਹੀ ਬੱਸ ਨਹੀਂ ਨਾਮਵਰ ਕੰਪਨੀਆਂ ਵਿੱਚ ਕੰਮ ਕਰ ਰਹੇ ਗਰੁੱਪ ਦੇ ਸਾਬਕਾ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਦੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਨਵੇਂ ਆਏ ਵਿਦਿਆਰਥੀਆਂ ਦੇ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਸਖਤ ਮਿਹਨਤ ਬਿਨਾਂ ਕੁਝ ਵੀ ਸੰਭਵ ਨਹੀਂ।
ਪ੍ਰੋਗਰਾਮ ਦੇ ਅਖੀਰ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਦੁਆਬਾ ਗਰੁੱਪ ਦੇ 25 ਸਾਲਾਂ ਦੇ ਸਫਰ ਦੌਰਾਨ ਦੁਆਬਾ ਗਰੁੱਪ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਨੌਕਰੀਆਂ ਵਿੱਚ ਪਲੇਸਮੈਂਟ ਦਵਾਈ । ਲਗਭਗ ਪੂਰੇ ਵਰਲਡ ਤੋਂ ਹਰ ਇੱਕ ਕੰਪਨੀ ਦੁਆਬਾ ਗਰੁੱਪ ਆਫ ਕਾਲਜਸ ਦਾ ਦੌਰਾ ਕਰ ਚੁੱਕੀ। ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਕੰਪਨੀਆਂ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਕ੍ਰਮਵਾਰ ਸਾਰੀ ਗਿਣਤੀ ਵੀ ਅੰਕੜਿਆਂ ਸਮੇਤ ਦੱਸੀ ਕਿ ਕਿਹੜੀ ਕੰਪਨੀ ਵਿੱਚ ਕਿੰਨੇ ਵਿਦਿਆਰਥੀ ਦੁਆਬਾ ਗਰੁੱਪ ਵੱਲੋਂ ਪਲੇਸ ਕਰਵਾਏ ਗਏ।
ਵਿਦਿਆਰਥੀਆਂ ਨੂੰ ਹੋਰ ਅੱਗੇ ਪ੍ਰੇਰਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਇਨਸਾਨ ਕੁਝ ਵੀ ਕਰਨ ਦੀ ਚਾਹਤ ਰੱਖਦਾ ਹੈ ਤਾਂ ਉਸਦੀ ਉਸ ਚਾਹਤ ਨੂੰ ਪੂਰੀ ਕਰਨ ਦੇ ਵਿੱਚ ਪੂਰੀ ਕਾਇਨਾਤ ਉਸਦੀ ਮਦਦ ਕਰਨ ਲੱਗ ਪੈਂਦੀ ਹੈ ਬਸ਼ਰਤੇ ਉਸ ਇਨਸਾਨ ਦੇ ਵਿੱਚ ਉਸ ਚੀਜ਼ ਨੂੰ ਪ੍ਰਾਪਤ ਕਰਨ ਦੀ ਲਗਨ ਮਿਹਨਤ ਅਤੇ ਇਮਾਨਦਾਰੀ ਹੋਣੀ ਬੇਹਦ ਲਾਜ਼ਮੀ ਹੈ। ਇਸ ਪ੍ਰਕਾਰ ਵਿਦਿਆਰਥੀਆਂ ਦੇ ਲਈ ਕਰਵਾਇਆ ਗਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।